ਬੀਸੀਆਰ ਨਿਊਜ਼ (ਅੰਮ੍ਰਿਤਸਰ/ਸਵਿੰਦਰ ਸਿੰਘ): ਹਸਨਪੁਰ ਇੱਕ ਨਾਮ ਹੀ ਅਜਿਹਾ ਹੈ ਜਿਸਨੂੰ ਸੁਣ ਕੇ ਇੱਕ ਤਾਂਘ ਜਿਹੀ ਰਹਿ ਜਾਂਦੀ ਹੈ ਕੇ ਕਿਸੇ ਪਿੰਡ ਦਾ ਨਾਮ ਹਸਨ ਤੇ ਵੀ ਹੋ ਸਕਦਾ ਹੈ ! ਹਰ ਇੱਕ ਇਨਸਾਨ ਦੀ ਕੋਸ਼ਿਸ਼ ਹੁੰਦੀ ਹੈ ਕੇ ਉਹ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਵਿਸਰਦੇ ਲੋਕ ਵਿੱਚ ਇਸ ਮੁਕਾਮ ਤੇ ਲੈ ਜਾਵੇ ਜਿਸ ਨਾਲ ਉਸਦਾ ਨਾਮ ਪੀੜੀ ਤੋਂ ਪੀੜੀ ਚਲਦਾ ਰਹੇ ! ਆਦਮੀ ਆਪਣੇ ਆਪ ਨੂੰ ਹੱਸਦਾ ਤੇ ਦੂਜਿਆਂ ਨੂੰ ਹਸਾਉਂਦਾ ਰਹੇ ਪਰ ਇਹ ਸੋਚ ਕਿਸੇ ਕਿਸੇ ਦੀ ਹੀ ਹੁੰਦੀ ਹੈ ਜੋ ਕੇ ਦੂਜਿਆਂ ਦੇ ਬਾਰੇ ਵਿੱਚ ਸੋਚਦਾ ਹੋਵੇ ! ਹਸਨਪੁਰ ਪਿੰਡ ਦੀਆਂ ਗਲੀਆਂ ਦੇ ਵਿਚ ਖੇਡ-ਮੱਲ ਇੱਕ ਮਾਸੂਮ ਬੱਚਾ ਨੇ ਆਪਣੀ ਹੋਸ਼ ਸੰਭਾਲੀ ਤਾ ਉਸ ਬੱਚੇ ਨੇ ਕਦੇ ਵੀ ਇਸ ਤਰਾਂ ਨਹੀਂ ਸੋਚਿਆ ਹੋਵੇਗਾ ਕੇ ਉਹ ਇੱਕ ਦਿਨ ਪਿੰਡ ਹਸਨਪੁਰ ਦਾ ਨਾਮ ਸਾਰੀ ਦੁਨੀਆਂ ਵਿੱਚ ਰੋਸ਼ਨ ਕਰ ਦੇਵੇਗਾ ! ਜਿੰਦ ਬਣ ਕੇ ਹਸਨਪੁਰ ਦੀ ਜਦੋ ਉਹ ਬੱਚਾ ਦੁਨੀਆਂ ਦੇ ਵਿੱਚ ਆਪਣੀ ਕਲਾਕਾਰੀ ਦੇ ਨਾਲ ਲੋਕਾ ਦੇ ਵਿੱਚ ਸਾਮਣੇ ਆਇਆ ਤਾ ਸਭ ਤੋਂ ਪਹਿਲਾ ਹਸਨਪੁਰ ਦੇ ਵਾਸੀ ਹੈਰਾਨ ਹੋਏ ਤੇ ਇਸ ਬੱਚੇ ਦੀ ਕਲਾਕਾਰੀ ਨੂੰ ਵੇਖ ਕੇ ਖੁਸ਼ ਵੀ ਹੋਏ ਜਿਸ ਨਾਲ ਉਹ ਬੱਚਾ ਹਾਸਨਪੁਰੀਆਂ ਦੇ ਦਿਲ ਵਿੱਚ ਵੱਸ ਗਿਆ ਤੇ ਪਿਆਰ ਦੇ ਨਾਲ ਹਸਨਪੁਰ ਦੀ ਜਿੰਦ-ਜਾਨ ਬਣ ਗਿਆ ! ਜਿਸ ਤਰਾਂ ਲੋਕ ਕਹਿੰਦੇ ਹਨ ਕੇ ਹਰ ਕਲਾਕਾਰ ਭਾਵੇ ਉਹ ਕਿਸੇ ਵੀ ਖੇਤਰ ਵਿਚ ਕਿਉਂ ਨਾ ਹੋਵੇ ਜਦੋ ਉਹ ਦਰਸ਼ਕਾਂ ਤੇ ਸਰੋਤਿਆ ਦੀ ਕਸੌਟੀ ਤੇ ਪੂਰਾ ਉਤਰ ਜਾਵੇ ਤਾ ਉਹਨਾਂ ਦੀ ਜਿੰਦ ਤੇ ਜਾਂਣ ਬਣ ਜਾਂਦਾ ਹੈ ਇਸ ਹੀ ਤਰਾਂ ਜਦੋ ਇਹ ਕਲਾਕਾਰ ਲੋਕਾਂ ਦੀ ਜਿੰਦ-ਜਾਂਨ ਬਣ ਗਿਆ ਤਾ ਉਸਨੇ ਆਪਣਾ ਨਾਮ ਜਿੰਦ ਹੀ ਰੱਖ ਲਿਆ, ਅੱਜ ਕੱਲ ਉਹ ਕਲਾਕਾਰ ਇੱਕ ਚੰਗੇ ਗਾਇਕ, ਅਦਾਕਾਰ ਤੇ ਸੰਗੀਤਕਾਰ ਦੇ ਤੋਰ ਤੇ ਲੋਕਾਂ ਦੇ ਵਿੱਚ ਆਪਣੀ ਵਾਹ ਵਾਹ ਖੱਟ ਰਿਹਾ ਹੈ ਤੇ ਉਸ ਕਲਾਕਾਰ ਦਾ ਨਾਮ ਹੈ ਜਿੰਦ ਕਾਹਲੋਂ !
ਵਿਸ਼ੇਸ਼ ਗੱਲਬਾਤ ਦੇ ਦੁਰਾਨ ਜਿੰਦ ਕਾਹਲੋਂ ਨੇ ਦੱਸਿਆ ਕੇ ਮੇਰਾ ਜਨਮ ਪਿੰਡ ਹਸਨਪੁਰ ਜਿਲਾ ਗੁਰਦਾਸਪੂਰ ਵਿੱਚ ਪਿਤਾ ਸਰਦਾਰ ਗੁਰਮੀਤ ਸਿੰਘ ਤੇ ਮਾਤਾ ਸੁਰਗਵਾਸੀ ਸਰਦਾਰਨੀ ਅਮਰਜੀਤ ਕੌਰ ਦੇ ਘਰ ਹੋਇਆ ! ਮੈਂ ਆਪਣੀ ਮੁੱਢਲੀ ਸਿੱਖਿਆ ਹਸਨਪੁਰ ਨੇੜੇ ਪੈਂਦੇ ਕਸਬਾ ਬਟਾਲਾ ਦੇ ਵਿੱਚ ਕੀਤੀ ! ਉਚੇਰੀ ਸਿੱਖਿਆ ਕਾਰਨ ਤੋਂ ਬਾਅਦ ਮੈਂ ਆਪਣੀ ਸੰਗੀਤ ਦੀ ਪੜਾਈ ਵੀ ਕੀਤੀ ! ਮੈਂ ਆਪ ਜੀ ਨੂੰ ਇਹ ਦੱਸਣਾ ਜਰੂਰੀ ਸਮਝਦਾ ਹੈ ਕੇ ਮੈਂ ਜਦੋ ਸਕੂਲ ਤੇ ਕਾਲਜ ਦੇ ਵਿਚ ਪੜਦਾ ਸੀ ਤਾ ਮੇਰਾ ਜਿਆਦਾ ਰੁਝਾਨ ਸੰਗੀਤ ਦੇ ਵਿੱਚ ਹੀ ਰਹਿੰਦਾ ਸੀ ! ਮੈਂ ਸਕੂਲ ਤੇ ਕਾਲਜ ਦੇ ਵਿਚ ਕਈ ਸ਼ੋਅ ਕੀਤੇ ਜਿਸ ਵਿੱਚ ਮੈਂ ਵੱਖ ਵੱਖ ਵਿਸ਼ੇ ਤੇ ਗੀਤ ਗਾਉਂਦਾ ਹੁੰਦਾ ਸੀ ਜੋ ਸਮਾਜ ਨੂੰ ਇੱਕ ਚੰਗੀ ਸੇਧ ਦਿੰਦੇ ਸਨ ! ਮੇਰੇ ਗੀਤ ਵੀ ਜੋ ਸੁਣਦੇ ਸਨ ਉਹ ਮੇਰੀ ਵਾਹ ਵਾਹ ਵੀ ਕਰਦੇ ਸਨ ਜਿਸ ਨਾਲ ਮੇਰਾ ਸੰਗੀਤ ਦੇ ਵਿਚ ਹੋਰ ਵੀ ਹੌਸਲਾ ਵੱਧ ਗਿਆ ! ਮੈਂ ਮੰਨ ਬਣਾ ਲਿਆ ਕੇ ਮੈਂ ਸਿਰਫ ਆਪਣੇ ਸੰਗੀਤ ਦੀ ਦੁਨੀਆਂ ਵਿੱਚ ਹੀ ਢਾਲਣਾ ਹੈ ! ਸਿੱਖਣ ਦਾ ਚਾਅ ਇੱਕ ਹੋਰ ਵੀ ਵੱਧ ਗਿਆ ਮੈਂ ਬਚਪਨ ਵਿਚ ਹੀ ਉਸਤਾਦ ਯੱਮਲਾ ਜੱਟ ਤੇ ਉਸਤਾਦ ਨੁਸਰਤ ਫਤਹਿ ਅਲੀ ਖਾ ਸਾਹਿਬ ਨੂੰ ਸੁਣਿਆ ਕਰਦਾ ਸੀ ਜਿੰਨਾ ਦੇ ਫੋਕ ਗੀਤ ਤੇ ਸੂਫ਼ੀ ਕਲਾਮ ਅਕਸਰ ਮੈਨੂੰ ਸੰਗੀਤ ਦੇ ਵੱਲ ਖਿੱਚਦੇ ਸਨ ! ਸੰਗੀਤ ਦੇ ਵਿੱਚ ਮੈਂ ਐਮ.ਏ. ਮਿਊਜ਼ਿਕ ਪ੍ਰਚੀਨ ਕਲਾ ਮੰਦਿਰ ਯੂਨੀਵਰਸਿਟੀ ਦਿੱਲੀ ਵਿਚ ਕੀਤੀ ! 1995 ਵਿੱਚ ਸੰਗੀਤ ਦੀ ਪੜਾਈ ਤੋਂ ਬਾਅਦ ਮੈਂ ਆਪਣੇ ਉਸਤਾਦ ਸ਼੍ਰੀ ਉਮ ਪ੍ਰਕਾਸ਼ ਜੀ ਦੇ ਕੋਲੋਂ ਅੰਮ੍ਰਿਤਸਰ ਦੇ ਵਿੱਚ ਸੰਗੀਤ ਦੇ ਗੁਣ ਇਸ ਤਰਾਂ ਦੇ ਸਿੱਖੇ ਜੋ ਕਿਸੇ ਵੀ ਸਕੂਲ ਵਿੱਚ ਨਹੀਂ ਸਿਖਾਏ ਜਾਂਦੇ, ਜਿਸ ਤਰਾਂ ਅਕਸਰ ਇਹ ਕਿਹਾ ਜਾਂਦਾ ਹੈ ਕੇ ”ਗੁਰੂ ਬਿਨਾ ਗੱਤ ਨੀ ਤੇ ਸ਼ਾਹ ਬਿਨਾ ਪੱਤ ਨੀ ” ਜੋ ਕਹਾਵਤ ਦੇ ਕਥਨ ਹਨ ਉਹ ਅਸਲੀ ਜਿੰਦਗੀ ਦੇ ਵਿੱਚ ਸੱਚ ਹਨ !
ਸੰਗੀਤ ਦੀ ਪੜਾਈ ਤੋਂ ਬਾਅਦ ਮੇਰੇ ਮਾਤਾ ਪਿਤਾ ਜੀ ਨੇ ਮੇਰਾ ਵਿਆਹ ਕਰ ਦਿੱਤਾ ਜੋ ਹਰ ਮਾਤਾ ਪਿਤਾ ਦਾ ਇੱਕ ਸੁਪਨਾ ਹੁੰਦਾ ਹੈ ! ਫਿਰ ਮੈਂ ਆਪਣੇ ਮਾਤਾ ਪਿਤਾ ਦੇ ਸੁਪਨੇ ਨੂੰ ਕਿਵੇਂ ਅਧੂਰਾ ਰੱਖ ਸਕਦਾ ਸੀ ਜਿਸ ਤਰਾਂ ਇਹ ਕਿਹਾ ਜਾਂਦਾ ਹੈ ਕੇ ਮਾਤਾ ਪਿਤਾ ਵੀ ਕਿਸੇ ਰੱਬ ਤੋਂ ਘੱਟ ਨਹੀਂ ਹਨ ! ਮੇਰਾ ਵਿਆਹ ਮੇਰੀ ਸਰਦਾਰਨੀ ਕਰਮਪਾਲ ਕੌਰ ਦੇ ਨਾਲ ਹੋਇਆ ਜਿਸ ਨੇ ਮੇਰਾ ਸਾਥ ਦੇ ਕੇ ਜੋ ਸੰਗੀਤ ਦੀ ਦੁਨੀਆਂ ਦੇ ਵਿਚ ਮੇਰੇ ਸੁਪਨੇ ਅਧੂਰੇ ਸਨ ਉਹਨਾਂ ਨੂੰ ਪੂਰਾ ਕਰਨ ਦੇ ਵਿਚ ਕੋਈ ਕਸਰ ਨਹੀਂ ਛੱਡੀ , ਜਿਸ ਤਰਾਂ ਮੈਨੂੰ ਆਪਣੇ ਮਾਤਾ ਪਿਤਾ ਦਾ ਸਾਥ ਸੀ ਤੇ ਉਹਨਾਂ ਦੇ ਸਾਥ ਦੇ ਨਾਲ-ਨਾਲ ਜਦੋ ਮੇਰੇ ਹਮ-ਸਫ਼ਰ ਦਾ ਵੀ ਸਾਥ ਮਿਲ ਗਿਆ ਜੋ ਮੇਰੇ ਲਈ ਕੋਈ ਸੋਨੇ ਤੇ ਸੁਹਾਗੇ ਤੋਂ ਘੱਟ ਨਹੀਂ ਸੀ ਜਿਸ ਨਾਲ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ ਤੇ ਮੈਂ ਆਪਣੀ ਹਰ ਮੰਜਿਲ ਨੂੰ ਪਾਰ ਕਰਨ ਵਿੱਚ ਰਿਹਾ ! ਮੈਂ ਇੱਕ ਗੱਲ ਹੋਰ ਵੀ ਦੱਸਣ ਤੋਂ ਪਿੱਛੇ ਨਹੀਂ ਹੱਟਾਗਾਂ ਕੇ ਹੁਣ ਤੱਕ ਮੇਰੇ ਪਰਿਵਾਰ ਦੇ ਵਿੱਚੋ ਕੋਈ ਵੀ ਮੈਂਬਰ ਸੰਗੀਤ ਦੇ ਵਿੱਚ ਨਹੀਂ ਆਇਆ ਹੈ ਮੈਂ ਹੀ ਹੈ ਜੋ ਸੰਗੀਤ ਦਾ ਪ੍ਰੇਮੀ ਹੈ ! ਪਰ ਸੰਗੀਤ ਦੀ ਦੁਨੀਆਂ ਦੇ ਨਾ ਆਉਣ ਵਿੱਚ ਵੀ ਮੇਰੇ ਪਰਿਵਾਰ ਨੇ ਪੂਰਾ ਸਾਥ ਦਿੱਤਾ ! ਮੇਰਾ ਸਾਰਾ ਪਰਿਵਾਰ ਵਿਦੇਸ਼ ਅਮਰੀਕਾ ਚ ਰਹਿੰਦਾ ਹੈ ਤੇ ਮੈਂ ਆਪਣੇ ਪਿਆਰੇ ਦੇਸ਼ ਭਾਰਤ ਵਿੱਚ, ਜਿਸ ਤੇ ਮੈਨੂੰ ਮਾਨ ਵੀ ਹੈ ਕੇ ਮੈਂ ਅਜੇ ਵੀ ਆਪਣੀ ਮਿੱਟੀ ਦੇ ਨਾਲ ਨਾਲ ਪੰਜਾਬੀ ਕਲਚਰ ਤੇ ਸੱਭਿਆਚਾਰਕ ਦੇ ਨਾਲ ਜੁੜਿਆ ਹੋਇਆ ਹਾਂ !
ਮੈਂ ਆਪਣੇ ਕੈਰੀਅਰ ਦੀ ਸ਼ੁਰੂਵਾਤ 2001 ਦੇ ਵਿੱਚ ਇੱਕ ਗੀਤਾਂ ਦੀ ਕੈਸਟ ਤੋਂ ਕੀਤੀ ਜਿਸ ਵਿਚ ਕੁੱਲ 8 ਗੀਤ ਸਨ ਜੋ ਲੋਕਾਂ ਨੇ ਮੇਰੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਮੇਰੇ ਸਰੋਤਿਆ ਨੇ ਮੈਨੂੰ ਇੰਨਾ ਪਿਆਰ ਦਿੱਤਾ ਕੇ ਮੁੜ ਵਾਪਸ ਮੈਂ ਪਰਤ ਕੇ ਨਹੀਂ ਵੇਖਿਆ ! ਇਸ ਮੇਰੀ ਸੰਗੀਤ ਦੀ ਕੈਸਟ ਦੇ ਵਿਚ ਇੱਕ ਬਹੁਤ ਸੋਹਣਾ ਗੀਤ ਸੀ ਜੋ ਅੱਜ ਵੀ ਸਰੋਤਿਆਂ ਦੀ ਜੁਬਾਨ ਤੇ ਆਉਂਦਾ ਹੈ ! ਉਸ ਗੀਤ ਦੇ ਬੋਲ ਸਨ , ” ਤੇਰੇ ਪਿੰਡ ਗਈ ਸਾ ਵੀਰਾ ਵੇ , ਫਿਰਨੀ ਤੋਂ ਹੋ ਕੇ ਮੁੜ ਗਈ ” ਜੋ ਸੰਗੀਤ ਇੰਡਸਟਰੀ ਦੇ ਗੀਤਕਾਰ ਦੇ ਬਾਦਸ਼ਾਹ ਦੀ ਕਲਮ ਤੋਂ ਲਿਖਿਆ ਗਿਆ ਸੀ ਜਿੰਨਾ ਦਾ ਨਾਮ ਹੈ ਬਾਬੂ ਸਿੰਘ ਮਾਨ ਜਿੰਨਾ ਦੀ ਤਰੀਫ ਕਰਦੇ ਅੱਜ ਵੀ ਲੋਕ ਨਹੀਂ ਥੱਕਦੇ ! ਬਾਲੀਵੁੱਡ ਤੇ ਪਾਲੀਵੁੱਡ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਦੇ ਵਿੱਚ ਆਪਣੀ ਕਲਮ ਦੇ ਨਾਲ ਗੀਤ ਲਿਖਕੇ ਉਹਨਾਂ ਨੂੰ ਮੋਤੀਆਂ ਦੀ ਮਾਲਾ ਦੇ ਵਿਚ ਪਰੋਇਆ ਹੈ ! ਇਸ ਗੀਤ ਵਿਚ ਵੀ ਇਹ ਹੀ ਫਿਲਮਾਇਆ ਗਿਆ ਸੀ ਕੇ ਜਦੋ ਇੱਕ ਕੁੜੀ ਦਾ ਵਿਆਹ ਹੋ ਜਾਂਦਾ ਹੈ ਤੇ ਬਾਅਦ ਵਿਚ ਉਸ ਕੁੜੀ ਦੇ ਮਾਤਾ ਪਿਤਾ ਉਸਨੂੰ ਛੱਡ ਕੇ ਦੁਨੀਆਂ ਤੋਂ ਤੁਰ ਜਾਂਦੇ ਹਨ ਤੇ ਬਾਅਦ ਵਿਚ ਜਦੋ ਉਹ ਆਪਣੇ ਪੇਕਿਆਂ ਦੇ ਘਰ ਜਾਂਦੀ ਹੈ ਤਾ ਉਹਦੇ ਭਰਾ ਤੇ ਭਰਜਾਈਆਂ ਕਿਸ ਤਰਾਂ ਅੱਖੋਂ ਪਰੋਖੇ ਕਰ ਦਿੰਦੇ ਹਨ ! ਅੱਖੋਂ -ਪਰੋਖੇ ਕਰਨ ਤੋਂ ਬਾਅਦ ਕਈ ਵਾਰ ਜਦ ਪੇਕਿਆਂ ਪਿੰਡ ਦੀ ਫਿਰਨੀ ਤੋਂ ਵਾਪਸ ਮੁੜ ਆਉਂਦੀ ਹੈ ! ਬੱਸ ਇਹੋ ਹੀ ਸਾਰੇ ਗੀਤ ਦੇ ਵਿਚ ਬਿਆਨ ਕੀਤਾ ਗਿਆ ਹੈ ! ਪਰ ਇਹ ਸਭ ਸੱਚਾਈ ਹੈ ਜੋ ਅਕਸਰ ਅਸੀਂ ਪਰਿਵਾਰਾਂ ਦੇ ਵਿੱਚ ਵੇਖਦੇ ਹਾ ! ਇਹ ਗੀਤ ਮੇਰੇ ਜੀਵਨ ਦਾ ਸਭ ਤੋਂ ਵੱਡਾ ਗੀਤ ਹੈ ਜਿਸ ਦਾ ਫਿਲਮਾਂਕਣ ਵੇਖ ਕੇ ਲੋਕ ਆਪਣੇ ਹੰਜੂ ਵਹਾਉਣ ਤੋਂ ਨਹੀਂ ਲੂਕਾ ਸਕੇ ! 2003 ਦੇ ਵਿੱਚ ਮੇਰੀ ਦੂਸਰੀ ਸੰਗੀਤ ਦੀ ਕੈਸਟ ਮਾਰਕੀਟ ਦੇ ਵਿਚ ਆਈ ਜਿਸ ਦਾ ਨਾਮ ਸੀ ”ਵਿਛੋੜਾ’ ਜਿਸ ਨੂੰ ਮਾਰਕੀਟ ਦੇ ਵਿੱਚ ਬਹੁਤ ਵੱਡਾ ਹੁੰਗਾਰਾ ਮਿਲਿਆ ! ਇਸ ਕੈਸਟ ਦੇ ਵਿੱਚ ਵੀ ਕੁੱਲ 8 ਗੀਤ ਸਨ ਜੋ ਸਾਰੇ ਹੀ ਇੱਕ ਪਰਿਵਾਰਿਕ ਗੀਤ ਸਨ !
ਤਕਰੀਬਨ 4 ਸਾਲ ਕੁਝ ਕਾਰਨਾਂ ਦੇ ਕਰਕੇ ਮੈਂ ਸੰਗੀਤ ਦੀ ਦੁਨੀਆਂ ਤੋਂ ਦੂਰ ਰਿਹਾ ! ਉਸ ਸਮੇ ਦੇ ਦੁਰਾਂਨ ਹੀ ਮੇਰੇ ਘਰ ਵਿੱਚ ਇੱਕ ਨੰਨੀ ਪਰੀ ਨੇ ਜਨਮ ਲਿਆ ਜਿਸ ਨੂੰ ਅਸੀਂ ਪਿਆਰ ਦੇ ਨਾਲ ਰੀਤ ਦੇ ਨਾਂ ਨਾਲ ਪੁਕਾਰਦੇ ਹੈ ,ਜਿਸ ਨੇ ਮੇਰੇ ਘਰ ਵਿਚ ਆ ਕੇ ਮੇਰਾ ਸਭ ਕੁਝ ਬਦਲ ਦਿੱਤਾ ਤੇ ਮੈਂ ਦੁਬਾਰਾ ਫਿਰ ਆਪਣੀ ਸੰਗੀਤ ਦੀ ਦੁਨੀਆਂ ਦੇ ਵਿਚ ਵਾਪਸ ਆ ਗਿਆ ਜੋ ਕੇ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਸੀ ! 2007 ਦੇ ਵਿਚ ਮੇਰੀ ਇੱਕ ਕੈਸਟ ਹੋਰ ਆਈ ਜਿਸਦਾ ਨਾਂ ” ਸੁਰਮਾ ” ਸੀ, ਇਹ ਕੈਸਟ ਦੋਗਾਣਾ ਸੀ ਜਿਸ ਵਿੱਚ ਮੇਰਾ ਸਾਥ ਪੰਜਾਬ ਦੀ ਪ੍ਰਸਿੱਧ ਗਾਇਕਾਂ ਸੁਦੇਸ਼ ਕੁਮਾਰੀ ਨੇ ਦਿੱਤਾ ਜੋ ਪਹਿਲਾ ਵੀ ਬਹੁਤ ਸਾਰੇ ਹਿੱਟ ਗੀਤ ਸੰਗੀਤ ਦੀ ਦੁਨੀਆਂ ਨੂੰ ਦੇ ਚੁੱਕੀ ਸੀ ! ਲੋਕਾਂ ਨੇ ਇਸ ਕੈਸਟ ਨੂੰ ਵੀ ਬਹੁਤ ਪਸੰਦ ਕੀਤਾ !
ਸਮਾਂ ਬਦਲਦਾ ਗਿਆ ਤੇ ਸਮੇ ਦੇ ਨਾਲ ਤਕਨੀਕ ਵੀ ! ਜਿਥੇ ਅਸੀਂ 8 ਗੀਤਾਂ ਦੀ ਪੂਰੀ ਕੈਸਟ ਮਾਰਕੀਟ ਦੇ ਵਿਚ ਕੱਢਦੇ ਸੀ ਫਿਰ ਸਿੰਗਲ ਟਰੈਕ ਦੇ ਵਿੱਚ ਆਉਣੇ ਸ਼ੁਰੂ ਹੋਏ ! ਇਸ ਨਵੀ ਤਕਨੀਕ ਦੇ ਨਾਲ-ਨਾਲ ਸਾਨੂੰ ਵੀ ਬਦਲਣਾ ਪਿਆ ਤੇ ਮੈਂ ਵੀ ਨਵੀ ਤਕਨੀਕ ਦੇ ਵਿਚ ਆਪਣੇ ਆਪ ਨੂੰ ਰੰਗ ਲਿਆ ! ਗਾਇਕੀ, ਅਦਾਕਾਰੀ ਤੇ ਸੰਗੀਤਕਾਰ ਦੀ ਭੂਮਿਕਾ ਨਿਭਾਉਂਦੇ ਹੋਏ ਮੈਂ ਇੱਕ ਆਡੀਓ ਸਟੁਡੀਓ ਵੀ ਖੋਲਿਆ ਜਿਸਦਾ ਨਾਂ ਮੈਂ ਆਪਣੀ ਪਿਆਰੀ ਬੇਟੀ ਰੀਤ ਦੇ ਨਾਮ ਤੇ ਆਰ.ਕੇ.ਸਟੂਡੀਓ ਰੱਖਿਆ ! ਇਹ ਸਟੂਡੀਓ ਸ਼ੁਰੂ ਕਾਰਨ ਦਾ ਮੁੱਖ ਮਕਸਦ ਸੀ ਕੇ ਨਵੇਂ ਗਾਇਕਕਾਰਾ ਨੂੰ ਅੱਗੇ ਲੈ ਕੇ ਆਉਣਾ ਤੇ ਪੰਜਾਬੀ ਸੰਗੀਤ ਨੂੰ ਵੱਧ ਤੋਂ ਵੱਧ ਲੋਕਾ ਦੇ ਵਿਚ ਫੈਲਾਉਣਾ ! ਨਵੀ ਤਕਨੀਕ ਦੇ ਦੁਰਾਂਨ ਮੈਂ ਕੁਝ ਸਿੰਗਲ ਟਰੈਕ ਵੀ ਕੀਤੇ ਜਿੰਨਾ ਵਿਚ, ਸਨ ਓਫ ਪੰਜਾਬ, ਮੈਂ ਕੁੜੀ ਆ ਨਾ ਤਾ ਕਰਕੇ , ਤੇ ਜਾਨ ਤੋਂ ਪਿਆਰੀ, ਗੀਤ ਮੇਰੇ ਆਏ ਤੇ ਵੱਖ ਵੱਖ ਸੰਗੀਤ ਚੈਨਲਾ ਦਾ ਸ਼ਿਗਾਰ ਬਣੇ ! ਨਵੀ ਤਕਨੀਕ ਦੇ ਨਾਲ ਇਹ ਫਿਲਮਾਏ ਗਏ ਗੀਤਾਂ ਦੇ ਵਿੱਚ ਮੈਨੂੰ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ! ਮੇਰੇ ਦੁਵਾਰਾ ਗਏ ਹੋਏ ਗੀਤ ਭਾਰਤ ਵਿੱਚ ਹੀ ਨਹੀਂ ਸਗੋਂ ਗੁਵਾਂਢੀ ਮੁਲਕ ਪਾਕਿਸਤਾਨ ਦੇ ਵਿਚ ਗਾਣੇ ਤੇ ਸੁਣਨੇ ਤੇ ਵੇਖਣੇ ਸ਼ੁਰੂ ਹੋਏ ਇਥੋਂ ਤੱਕ ਕੇ ਪਾਕਿਸਤਾਨ ਦੇ ਕੁਝ ਨਾਟਕਾਂ ਤੇ ਸੀਰੀਅਲ ਵਿਚ ਵੇਖਣ ਤੇ ਸੁਨਣ ਨੂੰ ਮਿਲਿਆ ਜਿਸ ਨਾਲ ਬਹੁਤ ਸਮੇ ਤਕ ਮੈਨੂੰ ਪਾਕਿਸਤਾਨ ਤੋਂ ਫੋਨ ਵੀ ਆਉਂਦੇ ਰਹੇ ਕੇ ਤੁਸੀਂ ਬਹੁਤ ਚੰਗਾ ਗਾਉਂਦੇ ਹੋ ! ਮੈਂ ਹੁਣ ਤੱਕ ਤਕਰੀਬਨ 30 ਤੋਂ 35 ਪੰਜਾਬੀ ਗੀਤਾਂ ਨੂੰ ਸੰਗੀਤ ਦੇ ਚੁਕਾ ਹਾਂ, ਜਿੰਨਾ ਵਿਚ ਬਹੁਤ ਸਾਰੇ ਪ੍ਰਸਿੱਧ ਤੇ ਨਵੇਂ ਉਭਰਦੇ ਗਾਇਕ ਵੀ ਹਨ ! ਮੈਂ ਕੁਝ ਪੰਜਾਬੀ ਫ਼ਿਲਮਾਂ ਦੇ ਵਿੱਚ ਪਿੱਠਵਰਤੀ ਗਾਇਕ ਦੇ ਤੋਰ ਤੇ ਵੀ ਆਪਣੀ ਭੂਮਿਕਾ ਨਿਭਾ ਚੁਕਾ ਹਾ ਜਿਨ੍ਹਾਂ ਵਿਚ ਪੰਜਾਬੀ ਫਿਲਮ ” ਕੱਚੇ ਧਾਗੇ” ਵਿੱਚ ਇੱਕ ਗੀਤ ਗਾਇਆ ਹੈ ਜਿਸ ਦੇ ਬੋਲ ਹਨ ” ਤੂੰ ਜਾਨੇ ਨਾ ” ਜਿਸ ਨਾਲ ਮੇਰਾ ਕੈਰੀਅਰ ਫ਼ਿਲਮ ਇੰਡਸਟਰੀ ਦੇ ਵਿੱਚ ਵੀ ਸ਼ੁਰੂ ਹੋਇਆ ਹੈ ! ਜ਼ਲਦ ਹੀ ਦੋ ਨਵੀਆ ਪੰਜਾਬੀ ਫਿਲਮਾ ਆ ਰਹੀਆ ਹਨ ਜਿਸ ਵਿੱਚ ਮੈਂ ਪਿੱਠਵਰਤੀ ਗਾਇਕ ਦੇ ਤੋਰ ਤੇ ਕੰਮ ਕੀਤਾ ਹੈ ਫਿਲਮ ਰਹਿਮਤ ਤੇ ਗ੍ਰੇਟ ਸਰਦਾਰ ! ਮੈਂ ਅਜੇ ਤਕ ਜਿੰਨਾ ਵੀ ਸੰਗੀਤ ਇੰਡਸਟਰੀ ਦੇ ਵਿਚ ਕੰਮ ਕੀਤਾ ਹੈ ਮੇਰੀ ਇਹੀ ਕੋਸ਼ਿਸ਼ ਰਹੀ ਹੈ ਕੇ ਜੋ ਵੀ ਸੰਗੀਤ ਦੇ ਵਿਚ ਗਾਵਾ ਉਸ ਨਾਲ ਪੂਰੀ ਦੁਨੀਆਂ ਦੇ ਵਿਚ ਇੱਕ ਚੰਗਾ ਸੰਦੇਸ਼ ਪੁੱਜੇ !
ਆਖਿਰ ਵਿਚ ਮੈਂ ਆਪ ਜੀ ਨੂੰ ਇਹ ਦੱਸਣਾ ਹੈ ਕੇ ਸਿੱਖਣ ਦਾ ਰੁਝੇਵਾਂ ਸਾਰੀ ਉਮਰ ਹੀ ਰਹਿਣਾ ਚਾਹੀਦਾ ਹੈ ਆਦਮੀ ਸਾਰੀ ਉਮਰ ਹੀ ਕੁਝ ਨਾ ਕੁਝ ਸਿੱਖਦਾ ਹੈ ! ਇੱਕ ਗੱਲ ਮੈਂ ਅੱਜ ਜਰੂਰ ਕਰਾਂਗਾ ਕੇ ਕੰਮ ਕੋਈ ਵੀ ਕਰੋ ਪਰ ਕੁਝ ਸਿੱਖ ਕੇ ਫਿਰ ਹੀ ਕਰੋ ਤਾ ਜੋ ਤੁਹਾਨੂੰ ਜਿੰਦਗੀ ਦੇ ਵਿੱਚ ਕੋਈ ਮੁਸ਼ਕਿਲ ਨਾ ਆਵੇ ! ਮੈਂ ਉਹਨਾਂ ਗੀਤਕਾਰਾਂ ਵੀਰਾ ਨੂੰ ਵੀ ਇਹੀ ਕਹਾਂਗਾ ਕੇ ਚੰਗੇ ਤੋਂ ਚੰਗੇ ਆਪਨੇ ਕਲਮ ਦੇ ਨਾਲ ਗੀਤ ਲਿਖੋ ਜੋ ਸਮਾਜ ਨੂੰ ਵੀ ਚੰਗੇ ਲੱਗਣ ਤੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਉਸ ਗੀਤ ਨੂੰ ਸੁਣ ਤੇ ਵੇਖ ਸਕੀਏ ! ਗੀਤ ਹਮੇਸ਼ਾ ਉਸ ਤਰੀਕੇ ਦੇ ਲਿਖੋ ਜੋ ਹਰ ਏਕ ਦੀ ਜੁਬਾਨ ਤੇ ਗਾਏ ਜਾਂਣ ਇਹ ਨਹੀਂ ਕੇ ਗੀਤ ਮਾਰਕੀਟ ਵਿਚ ਜਾ ਕਿਸੇ ਟੀਵੀ ਚੈੱਨਲ ਤੇ ਰੇਡੀਓ ਤੇ ਆਵੇ ਤੇ ਨਾਲ ਹੀ ਉਹ ਲਿਪਤ ਹੋ ਜਾਵੇ ਜਿਸ ਨਾਲ ਉਸ ਗੀਤਕਾਰ ਤੇ ਗਾਇਕ ਦਾ ਵੀ ਨਾਮ ਪਿਛਾੜਿਆਂ ਜਾਂਦਾ ਹੈ ! ਮੈਂ ਉਹਨਾਂ ਕਲਾਕਾਰਾਂ ਨੂੰ ਇੱਕ ਬੇਨਤੀ ਵੀ ਕਰਾਂਗਾ ਜੋ ਆਪਣੀ ਕਿਸਮਤ ਅਜਮਾਉਣ ਦੇ ਲਈ ਇਸ ਫਿਲਮ ਇੰਡਸਟਰੀ ਦੇ ਵਿਚ ਆਪਣਾ ਕਦਮ ਰੱਖਦੇ ਹਨ, ਪਹਿਲਾ ਉਹ ਹਰ ਚੀਜ ਨੂੰ ਪਰਖਣ ਤੇ ਫਿਰ ਉਸ ਤੇ ਕੰਮ ਕਰਨ ਜਿਸ ਨਾਲ ਉਹਨਾਂ ਦਾ ਆਉਣ ਵਾਲਾ ਭਵਿੱਖ ਚੰਗਾ ਹੋਵੇ ਤੇ ਉਹਨਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ !