ਬੀਸੀਆਰ ਨਿਊਜ਼/ਮੋਹਾਲੀ: ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਪੁਲਿਸ ਦੇ ਬਹਾਦਰ ਜਵਾਨਾਂ ਦੇ ਮਹਾਨ ਬਲੀਦਾਨ ਨੂੰ ਯਾਦ ਕਰਨ ਲਈ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ -76 ਵਿਖੇ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮਨਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ, ਜੁਡੀਸ਼ੀਅਲ ਮੈਜਿਸਟਰੇਟ ਪਹਿਲਾ ਦਰਜਾ ਮੁਕੇਸ਼ ਕੁਮਾਰ ਸਿੰਗਲਾ ਤੇ ਹੋਰਾਂ ਨੇ ਪੁਲਿਸ ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਡਿਪਟੀ ਕਮਿਸ਼ਨਰ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੁਲਿਸ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਜ਼ਿੰਮੇਵਾਰ ਹੈ ਪਰ ਪੁਲੀਸ ਦੇ ਜਵਾਨ ਦੇਸ਼ ਦੀ ਰਾਖੀ ਲਈ ਵੀ ਆਪਣੀਆਂ ਜਾਨਾਂ ਕੁਰਬਾਨ ਤੋਂ ਕਦੇ ਪਿੱਛੇ ਨਹੀਂ ਹਟੇ। ਉਨ੍ਹਾਂ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਦੇਸ਼ ਭਰ ਵਿੱਚ 377 ਜਵਾਨਾਂ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਤਾ, ਜਿਸ ਵਿੱਚ ਦੋ ਜਵਾਨ ਪੰਜਾਬ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸ਼ਹੀਦਾਂ ਦੇ ਬਲੀਦਾਨ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਹਮੇਸ਼ਾ ਆਪਣੇ ਇਨ੍ਹਾਂ ਮਹਾਨ ਨਾਇਕਾਂ ਦਾ ਰਿਣੀ ਰਹੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਇਸ ਮੌਕੇ ਪ੍ਰਣ ਕਰੀਏ ਕਿ ਅਸੀਂ ਪੁਲਿਸ ਦੇ ਇਨ੍ਹਾਂ ਸ਼ਹੀਦਾਂ ਦੇ ਬਲੀਦਾਨ ਨੂੰ ਕਦੇ ਵੀ ਨਹੀਂ ਭੁੱਲਾਂਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹਾ ਰਹੇਗਾ ਅਤੇ ਉਨ੍ਹਾਂ ਨੂੰ ਹਰੇਕ ਸੰਭਵ ਮਦਦ ਮੁਹੱਈਆ ਕਰੇਗਾ।
ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਪੁਲਿਸ ਆਪਣੀ ਡਿਊਟੀ ਪੂਰੀ ਸਮਰਪਣ ਤੇ ਦ੍ਰਿੜ੍ਹਤਾ ਨਾਲ ਨਿਭਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਦਾ ਸਾਡਾ ਮਕਸਦ ਦੇਸ਼ ਦੇ ਲੋਕਾਂ ਦੀ ਰਾਖੀ ਲਈ ਆਪਣੇ ਆਪ ਨੂੰ ਇਕ ਵਾਰ ਫਿਰ ਸਮਰਪਿਤ ਕਰਨਾ ਹੈ। ਉਨ੍ਹਾਂ ਕੋਵਿਡ ਮਹਾਂਮਾਰੀ ਦੌਰਾਨ ਪੁਲਿਸ ਜਵਾਨਾਂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਕਰਫਿਊ ਦੌਰਾਨ ਜਦੋਂ ਸਾਰੇ ਲੋਕ ਘਰਾਂ ਵਿੱਚ ਬੰਦ ਸਨ ਤਾਂ ਪੁਲਿਸ ਦੇ ਜਵਾਨਾਂ ਨੇ ਆਪਣੀ ਸਿਹਤ ਤੇ ਪਰਿਵਾਰਾਂ ਦੀ ਪਰਵਾਹ ਕੀਤੇ ਬਗੈਰ ਇਸ ਮਹਾਂਮਾਰੀ ਨਾਲ ਸਿੱਧੀ ਟੱਕਰ ਲਈ । ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਕਾਰਨ ਦੇਸ਼ ਭਰ ਵਿੱਚ 86 ਪੁਲਿਸ ਮੁਲਾਜ਼ਮਾਂ ਨੇ ਆਪਣੀ ਜਾਨ ਗਵਾਈ। ਉਨ੍ਹਾਂ ਦੱਸਿਆ ਕਿ ਕੋਵਿਡ ਪ੍ਰੋਟੋਕੋਲ ਦੌਰਾਨ ਇਸ ਸਾਲ ਦਾ ਸਮਾਰੋਹ ਸੰਖੇਪ ਰੱਖਿਆ ਗਿਆ ਅਤੇ ਜ਼ਿਲ੍ਹੇ ਨਾਲ ਸਬੰਧਤ 35 ਪੁਲਿਸ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਮਾਗਮ ਲਈ ਨਹੀਂ ਬੁਲਾਇਆ ਗਿਆ। ਇਨ੍ਹਾਂ ਪਰਿਵਾਰਾਂ ਦਾ ਉਨ੍ਹਾਂ ਦੇ ਘਰ ਘਰ ਜਾ ਕੇ ਸਨਮਾਨ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਐਸ.ਪੀ. (ਹੈੱਡ ਕੁਆਟਰਜ਼) ਆਕਾਸ਼ਦੀਪ ਸਿੰਘ ਔਲਖ ਨੇ ਦੇਸ਼ ਭਰ ਵਿੱਚ ਪਿਛਲੇ ਇਕ ਸਾਲ ਦੌਰਾਨ ਸ਼ਹੀਦ ਹੋਏ ਪੁਲਿਸ ਦੇ ਜਵਾਨਾਂ ਦੇ ਨਾਵਾਂ ਦੀ ਸੂਚੀ ਪੜ੍ਹੀ। ਅੱਜ ਸਮਾਗਮ ਦੌਰਾਨ ਐਸ.ਪੀ. (ਇੰਡਸਟਰੀਅਲ ਸਿਕਿਉਰਿਟੀ) ਹਰਬੀਰ ਸਿੰਘ ਅਟਵਾਲ, ਐਸ.ਪੀ. (ਅਪਰੇਸ਼ਨਜ਼) ਮੁਖਤਿਆਰ ਰਾਏ, ਡੀ.ਐਸ.ਪੀ. (ਜ਼ੀਰਕਪੁਰ) ਅਮਰੋਜ਼ ਸਿੰਘ, ਡੀ.ਐਸ.ਪੀ. (ਸਿਟੀ 2) ਸੁਖਜੀਤ ਸਿੰਘ, ਡੀ.ਐਸ.ਪੀ. (ਐਸ.ਡੀ. ਖਰੜ 2/ਮੁੱਲਾਂਪੁਰ) ਬਿਕਰਮਜੀਤ ਸਿੰਘ, ਡੀ.ਐਸ.ਪੀ. (ਹੈੱਡ ਕੁਆਟਰਜ਼) ਮਨਵੀਰ ਸਿੰਘ, ਡੀ.ਐਸ.ਪੀ. (ਪੀ.ਬੀ.ਆਈ.) ਸਪੈਸ਼ਲ ਕਰਾਈਮ ਮਹੇਸ਼ ਇੰਦਰ ਸਿੰਘ, ਡੀ.ਐਸ.ਪੀ. (ਪੀ.ਬੀ.ਆਈ.,ਆਰਥਿਕ ਅਪਰਾਧ ਤੇ ਸਾਈਬਰ ਕਰਾਈਮ) ਗੁਰਪ੍ਰੀਤ ਸਿੰਘ, ਡੀ.ਐਸ.ਪੀ. (ਪੀ.ਬੀ.ਆਈ., ਐਨ.ਡੀ.ਪੀ.ਐਸ.-ਕਮ-ਨਾਰਕੋਟਿਕਸ) ਰੁਪਿੰਦਰਜੀਤ ਸਿੰਘ, ਡੀ.ਐਸ.ਪੀ. (ਕਮਿਊਨਿਟੀ ਪੁਲਿਸਿੰਗ) ਮਨਜੀਤ ਸਿੰਘ, ਡੀ.ਐਸ.ਪੀ. (ਐਸ.ਡੀ. ਡੇਰਾਬੱਸੀ) ਗੁਰਬਖਸ਼ੀਸ਼ ਸਿੰਘ, ਡੀ.ਐਸ.ਪੀ. (ਤਕਨੀਕੀ ਸਹਾਇਤਾ ਤੇ ਫੋਰੈਂਸਿਕਸ) ਅਮਰਪ੍ਰੀਤ ਸਿੰਘ ਅਤੇ ਡੀ.ਐਸ.ਪੀ. (ਐਮਰਜੈਂਸੀ ਰਿਸਪਾਂਸ ਸਿਸਟਮ ਤੇ ਸੀ.ਸੀ.ਟੀ.ਐਨ.ਐਸ.) ਗਣੇਸ਼ ਕੁਮਾਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਹਾਟ ਸਪਰਿੰਗਜ਼ ਵਿੱਚ ਚੀਨੀ ਦਸਤਿਆਂ ਵੱਲੋਂ ਘਾਤ ਲਾ ਕੇ ਕੀਤੇ ਹਮਲੇ ਵਿੱਚ ਸੀ.ਆਰ.ਪੀ.ਐਫ. ਦੇ ਮਾਰੇ ਗਏ 10 ਜਵਾਨਾਂ ਦੀ ਯਾਦ ਵਿੱਚ ਹਰ ਸਾਲ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ।